ਭਾਰਤੀਯ ਵਿੱਦਿਆ ਮੰਦਰ ਨੇ ਮਨਾਈ ਪਰੰਪਰਾਗਤ ਤਿਉਹਾਰ ਵਿਸਾਖੀ ਦੇ ਨਾਲ-ਨਾਲ ਅੰਬੇਦਕਰ ਜਯੰਤੀ « 13/Apr/2026
"ਚੜ੍ਹਿਆ ਮਾਂਹ ਵਿਸਾਖ, ਸਭ ਬਾਗ ਫੁੱਲੇ,
ਗਾਉਣ ਕੋਇਲਾਂ ਕਾਲ਼ੀਆਂ ਆ ਗਈਆਂ।
ਇੱਧਰ ਹਾਲੀਆਂ ਦੇ ਚਿਹਰੇ ਚਮਕ ਉੱਠੇ,
ਉੱਧਰ ਫਸਲਾਂ ਤੇ ਲਾਲੀਆਂ ਆ ਗਈਆਂ ।"
ਭਾਰਤੀਯ ਵਿੱਦਿਆ ਮੰਦਰ ਨੇ ਮਨਾਈ ਪਰੰਪਰਾਗਤ ਤਿਉਹਾਰ ਵਿਸਾਖੀ ਦੇ ਨਾਲ-ਨਾਲ ਅੰਬੇਦਕਰ ਜਯੰਤੀ
ਮਿਤੀ 13/04/2026
ਅੱਜ ਭਾਰਤੀਯ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਸੈਕਟਰ 39 ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਖੁਸ਼ੀਆਂ ਅਤੇ ਚਾਅ ਨਾਲ ਭਰਪੂਰ ਤਿਉਹਾਰ ਵਿਸਾਖੀ ਅਤੇ ਡਾ. ਬੀ. ਆਰ. ਅੰਬੇਦਕਰ ਜੀ ਦੀ ਜਯੰਤੀ ਬੜੇ ਹੀ ਉਤਸ਼ਾਹ ਨਾਲ ਮਨਾਈ ਗਈ, ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਦੀ ਪਰੰਪਰਾਗਤ ਪੁਸ਼ਾਕ ਪਾ ਕੇ ਪੰਜਾਬੀ ਲੋਕ - ਗੀਤ , ਲੋਕ- ਨਾਚ , ਰੈਂਪ ਵਾਕ ਅਤੇ ਗਿੱਧਾ ਭੰਗੜਾ ਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੇ ਹੋਏ ਪੰਜਾਬੀ ਸੱਭਿਅਤਾ ਨੂੰ ਉਜਾਗਰ ਕੀਤਾ ਅਤੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬੀ ਵਿਰਾਸਤ ਦੀਆਂ ਝਲਕੀਆਂ ਨਾਲ ਪੂਰੇ ਵਿਦਿਆਲੇ ਦੇ ਮਾਹੌਲ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗ ਦਿੱਤਾ।
ਇੱਕ ਭਾਰਤੀ ਨਿਆਂਇਕ , ਅਰਥ- ਸ਼ਾਸਤਰੀ, ਰਾਜਨੇਤਾ ਅਤੇ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਨਿੱਘੀ ਸ਼ਰਧਾਂਜਲੀ ਦਿੰਦਿਆਂ ਜਮਾਤ ਪਹਿਲੀ ਅਤੇ ਦੂਜੀ ਦੇ ਅਧਿਆਪਕਾਂ ਦੁਆਰਾ ਡਾ. ਸਾਹਿਬ ਦੇ ਜੀਵਨ ਬਾਰੇ ਚਰਚਾ ਕਰਦਿਆਂ ਵਿਦਿਆਰਥੀਆਂ ਨੂੰ ਜਾਣਕਾਰੀ ਭਰਪੂਰ ਡਾਕੂਮੈਂਟਰੀ ਦਿਖਾਈ ਗਈ। ਅਧਿਆਪਿਕਾ ਸ਼੍ਰੀਮਤੀ ਰਿੰਕੀ ਜੀ (ਪੀ.ਜੀ.ਟੀ.) ਨੇ ਆਪਣੇ ਭਾਸ਼ਣ ਵਿੱਚ ਡਾ. ਅੰਬੇਡਕਰ ਜੀ ਦੇ ਦ੍ਰਿੜ ਨਿਸ਼ਚੇ, ਸੰਘਰਸ਼ ਅਤੇ ਉਨ੍ਹਾਂ ਦੇ ਉੱਚ ਆਦਰਸ਼ਾਂ ਬਾਰੇ ਰੋਸ਼ਨੀ ਪਾਈ।
ਕਲਾਸ ਤੀਜੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਲਈ ਪ੍ਰਸ਼ਨੋੱਤਰੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ "ਆਰਕੀਟੈਕਟ ਆਫ ਜਸਟਿਸ ਗਰੁੱਪ" ਜੇਤੂ ਰਿਹਾ। ਇਸ ਤੋਂ ਇਲਾਵਾ, ਕਲਾਸ ਛੇਵੀਂ ਤੋਂ ਗਿਆਰਵੀਂ ਤੱਕ ਦੇ ਵਿਦਿਆਰਥੀਆਂ ਨੇ ਪੋਸਟਰ ਤਿਆਰ ਕਰਕੇ ਦੇਸ਼ ਪ੍ਰਤੀ ਡਾ. ਅੰਬੇਡਕਰ ਜੀ ਦੇ ਯੋਗਦਾਨ ਨੂੰ ਦਰਸਾਇਆ।ਇਸ ਦੇ ਨਾਲ ਹੀ ਵਿਦਿਆਰਥੀਆਂ ਨੇ "ਬੇਕਾਰ ਤੋਂ ਸਾਕਾਰ" ਗਤੀਵਿਧੀ ਹੇਠਾਂ ਫ਼ਜ਼ੂਲ ਸਮੱਗਰੀ ਨਾਲ ਸੁੰਦਰ ਅਤੇ ਲਾਭਦਾਇਕ ਚੀਜ਼ਾਂ ਬਣਾਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ।
ਮੁੱਖ ਅਧਿਆਪਕਾ ਸ਼੍ਰੀਮਤੀ ਉਪਾਸਨਾ ਮੋਦਗਿਲ ਜੀ ਨੇ ਵਿਦਿਆਰਥੀਆਂ ਨੂੰ ਡਾਕਟਰ ਅੰਬੇਦਕਰ ਜੀ ਦੇ ਦੱਸੇ ਰਾਹ ਉੱਤੇ ਚੱਲਣ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਾਰਿਆਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਸ਼ੁਭ ਅਸੀਸਾਂ ਦਿੱਤੀਆਂ।