ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ-ਕਾਤਿਲ ਮੇਂ ਹੈ। « 23/Mar/2026
ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਮਹਾਨ ਕ੍ਰਾਂਤੀਕਾਰੀ ਯੋਧਿਆਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਤੇ ਕੋਟਿ ਕੋਟਿ ਪ੍ਰਣਾਮ....
ਜਵਾਨ ਪੀੜ੍ਹੀ ਦੇ ਜੋਸ਼ ਤੇ ਤਿਆਗ ਦੀ ਮੂਰਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਭਾਰਤੀਯ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਰੋਡ ਸੈਕਟਰ-39 ਲੁਧਿਆਣਾ ਵਿੱਚ ਸ਼ਰਧਾ ਪੂਰਵਕ ਮਨਾਇਆ ਗਿਆ। 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਬੁਲੰਦ ਕਰਨ ਵਾਲੇ ਦੇਸ਼- ਭਗਤ, ਸ਼ਹੀਦ ਭਗਤ ਸਿੰਘ ਨੂੰ ਮੁੱਖ ਅਧਿਆਪਕਾ ਸ੍ਰੀਮਤੀ ਉਪਾਸਨਾ ਮੋਦਗਿਲ ਜੀ ਨੇ ਅਧਿਆਪਕ ਵਰਗ ਦੇ ਨਾਲ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਉਹਨਾਂ ਦੀ ਬੇਮਿਸਾਲ ਸ਼ਹਾਦਤ ਨੂੰ ਯਾਦ ਕੀਤਾ। ਇਸ ਮੌਕੇ ਤੇ ਗਿਆਰਵੀਂ ਜਮਾਤ ਦੀ ਵਿਦਿਆਰਥਣ ਨੇ ਦੇਸ਼ ਭਗਤੀ ਦੀ ਕਵਿਤਾ ਪੇਸ਼ ਕੀਤੀ ਅਤੇ ਪੰਜਾਬੀ ਅਧਿਆਪਕਾ ਸ੍ਰੀਮਤੀ ਅਰਵਿੰਦਰ ਕੌਰ ਨੇ ਸ਼ਹੀਦ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਜੀਵਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਮੁੱਖ ਅਧਿਆਪਕਾ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦੀ ਸੁਤੰਤਰਤਾ ਦੇ ਲਈ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਸਭ ਕੁਝ ਬਲੀਦਾਨ ਕਰ ਦਿੱਤਾ, ਉਸਦਾ ਉਦਾਹਰਨ ਮਿਲਣਾ ਮੁਸ਼ਕਲ ਹੈ। ਇਹਨਾਂ ਸੂਰਬੀਰ ਯੋਧਿਆਂ ਦਾ ਜੀਵਨ ਇਕ ਅਜਿਹਾ ਪ੍ਰਕਾਸ਼ ਸਤੰਭ ਹੈ ਜੋ ਬਲੀਦਾਨ ਦੇ ਰਾਹ ਵੱਲ ਸਦੀਆਂ ਤਕ ਸਾਨੂੰ ਪ੍ਰੇਰਿਤ ਕਰਦਾ ਰਹੇਗਾ।
ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਸਾਡਾ ਨੈਤਿਕ ਫਰਜ਼ ਹੈ।”