ਲੱਖ ਵਾਰੀ ਪ੍ਰਣਾਮ ਆਸਾਡਾ, ਗੁਰੂ ਗੋਬਿੰਦ ਦੇ ਫਰਜ਼ੰਦਾਂ ਨੂੰ ਜਾਨ ਵਾਰ ਗਏ ਧਰਮ ਨਾ ਛੱਡਿਆ,ਖੇਰੂੰ ਖੇਰੂੰ ਕਰ ਗਏ ਸਨ ਜਿਹੜੇ ਜ਼ੁਲਮ ਦੀਆਂ ਕੰਧਾਂ ਨੂੰ।
ਭਾਰਤੀਯ ਵਿੱਦਿਆ ਮੰਦਰ, ਸੈਕਟਰ-39, ਚੰਡੀਗੜ੍ਹ ਰੋਡ, ਸਕੂਲ ਵਿੱਚ ਗੁਰੂ ਜੀ ਦੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ-ਪੂਰਵਕ ਮਨਾਇਆ ਗਿਆ। ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਤੇ ਅਦੁੱਤੀ ਸ਼ਹਾਦਤ ਬਾਰੇ ਜਾਗਰੂਕ ਕਰਵਾਇਆ ਕਿ ਕਿਵੇਂ ਛੋਟੀਆਂ ਜਿੰਦਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ । ਇਸ ਮੌਕੇ ਤੇ ਪਹਿਲੀ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨਾਲ ਭਰੇ ਜੀਵਨ ਦੀ ਡਾਕੂਮੈਂਟਰੀ ਦਿਖਾਈ ਗਈ। ਜਮਾਤ ਚੌਥੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਕਥਾਵਾਂ ਦੇ ਮਾਧਿਅਮ ਨਾਲ ਸਾਹਿਬਜ਼ਾਦਿਆਂ ਦੀ ਬੀਰਤਾ ਅਤੇ ਬਲੀਦਾਨ ਦੇ ਇਤਿਹਾਸ ਤੇ ਚਾਨਣਾ ਪਾਇਆ ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਉਪਾਸਨਾ ਮੋਦਗਿਲ ਜੀ ਨੇ ਸ਼ਰਧਾ ਦੇ ਫੁੱਲ ਭੇੰਟ ਕਰਦੇ ਹੋਏ ਆਤਮ ਵਿਸ਼ਵਾਸ਼ ਅਤੇ ਦ੍ਰਿੜਤਾ ਦੀ ਮੂਰਤ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਬਾਬਾ ਫ਼ਤਹਿ ਸਿੰਘ ਜੀ ਅਤੇ ਪੂਜਨੀਕ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਨਮਸਕਾਰ ਕਰਦੇ ਹੋਏ ਵਿਦਿਆਰਥੀਆਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਅਸੀਂ ਵੀ ਉਹਨਾਂ ਮਹਾਨ ਸ਼ਹੀਦਾਂ ਵਾਂਗ ਇਨਸਾਨੀਅਤ ਅਤੇ ਧਰਮ ਦੇ ਫ਼ਰਜ਼ਾਂ ਨੂੰ ਨਿਭਾ ਸਕੀਏ।