ਜਗਤੁ ਗੁਰੂ ਗੁਰੁ ਨਾਨਕ ਦੇਉ
ਗੁਰਮੁਖਿ ਪੰਥੁ ਚਲਾਇਓਨੁ ਸੁਖ ਸਾਗਰੁ ਬੇਅੰਤੁ ਅਮੇਉ।।
ਭਾਰਤੀਯ ਵਿੱਦਿਆ ਮੰਦਰ ਸੀਨੀਅਰ ਸਕੈਂਡਰੀ ਸਕੂਲ ਸੈਕਟਰ-39 ਚੰਡੀਗੜ੍ਹ ਰੋਡ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਇਸ ਸੰਸਾਰ ਨੂੰ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਕੇ ਜਾਣ ਵਾਲੇ ਸਿੱਖ ਧਰਮ ਦੇ ਬਾਨੀ ਅਤੇ ਜਗਤ ਗੁਰੂ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਬੜੀ ਸ਼ਰਧਾ ਅਤੇ ਉਤਸ਼ਾਹ ਭਾਵਨਾ ਨਾਲ ਮਨਾਇਆ ਗਿਆ। ਇਸ ਸ਼ੁਭ ਮੌਕੇ 'ਤੇ ਵਿਦਿਆਰਥੀਆਂ ਨੇ ਪੰਜ ਪਿਆਰੇ ਸੱਜ ਕੇ ਨਗਰ ਕੀਰਤਨ ਦੇ ਰੂਪ ਵਿੱਚ "ਪ੍ਰਭਾਤ ਫੇਰੀ" ਦਾ ਆਯੋਜਨ ਕਰਕੇ "ਇਲਾਹੀ ਬਾਣੀ" ਦੇ ਜਾਪ ਨਾਲ ਪੂਰੇ ਮਾਹੌਲ ਨੂੰ ਧਾਰਮਿਕ ਰੰਗ ਵਿੱਚ ਸਰਾਬੌਰ ਕਰ ਦਿੱਤਾ। ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ ਸ੍ਰੀ ਜਪੁਜੀ ਸਾਹਿਬ ਦੇ ਪਾਠ ਨਾਲ ਪਰਮ ਪਿਤਾ ਪਰਮਾਤਮਾ ਦੀ ਮਹਿਮਾ ਦਾ ਗੁਣਗਾਨ ਕੀਤਾ। ਸੱਤਵੀਂ ਜਮਾਤ ਦੀ ਵਿਦਿਆਰਥਣ "ਅਗਰਿਮਾ" ਨੇ ਆਪਣੇ ਵਿਚਾਰਾਂ ਵਿੱਚ ਦਾਰਸ਼ਨਿਕ, ਯੋਗੀ, ਕ੍ਰਾਂਤੀਕਾਰੀ, ਧਾਰਮਿਕ ਅਤੇ ਸਮਾਜ ਸੁਧਾਰਕ, ਕਵੀ, ਦੇਸ਼ ਭਗਤ ਆਦਿ ਗੁਣਾਂ ਨਾਲ ਭਰਪੂਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਦੁੱਤੀ ਸ਼ਖਸੀਅਤ ਤੇ ਚਾਨਣਾ ਪਾਇਆ। ਅੱਠਵੀਂ ਜਮਾਤ ਦੀ ਵਿਦਿਆਰਥਣ "ਅਰਸ਼ਨੀਤ ਕੌਰ" ਨੇ ਨਿਰੰਕਾਰ ਸਰੂਪ ਗੁਰੂ ਨਾਨਕ ਜੀ ਨੂੰ ਯਾਦ ਕਰਦਿਆਂ ਕਵਿਤਾ ਦਾ ਉਚਾਰਨ ਕੀਤਾ, ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ "ਸ਼ਬਦ ਗਾਇਨ" ਕਰਕੇ "ਬਾਬੇ ਨਾਨਕ" ਦੀ ਮਹਿਮਾ ਦਾ ਜਸ ਗਾਇਨ ਕੀਤਾ । ਉਪਰੰਤ ਸਭ ਵੱਲੋਂ ਮਿਲ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਪ੍ਰਿੰਸੀਪਲ ਸ਼੍ਰੀਮਤੀ ਉਪਾਸਨਾ ਮੋਦਗਿਲ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਵਿਦਿਆਰਥੀਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਅੱਜ ਦੇ ਜੀਵਨ ਵਿੱਚ ਮਹੱਤਵ ਦੱਸਦੇ ਹੋਏ ਅਧਿਆਤਮਕ ਅਤੇ ਮਾਨਸਿਕ ਸ਼ਕਤੀਆਂ ਨੂੰ ਪ੍ਰਾਪਤ ਕਰਨ ਲਈ ਉਹਨਾਂ ਦੇ ਦਰਸਾਏ ਮਾਰਗ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ।