ਵਿਸਾਖੀ ,ਅੰਬੇਦਕਰ ਜੈਅੰਤੀ ਅਤੇ ਮਹਾਂਵੀਰ ਜੈਅੰਤੀ « 13/Apr/2022
ਭਾਰਤੀਯ ਵਿਦਿਆ ਮੰਦਿਰ ਨੇ ਮਨਾਇਆ ਪਰੰਪਰਾਗਤ ਤਿਉਹਾਰ ਵਿਸਾਖੀ ਦੇ ਨਾਲ ਨਾਲ ਅੰਬੇਦਕਰ ਜੈਅੰਤੀ ਅਤੇ ਮਹਾਂਵੀਰ ਜੈਅੰਤੀ
ਮਿਤੀ 12/04/22
ਅੱਜ ਭਾਰਤੀਯ ਵਿਦਿਆ ਮੰਦਰ ਸੀਨੀਅਰ ਸਕੈੰਡਰੀ ਸਕੂਲ ਸੈਕਟਰ 39 ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਵਿਸਾਖੀ ਦੇ ਤਿਉਹਾਰ ਨਾਲ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਜਯੰਤੀ ਅਤੇ 24ਵੇਂ ਤੀਰਥੰਕਰ ਮਹਾਂਵੀਰ ਸਵਾਮੀ ਜੀ ਦੀ ਜਯੰਤੀ ਬੜੇ ਹੀ ਉਤਸ਼ਾਹ ਪੂਰਵਕ ਮਨਾਈ ਗਈ। ਇਸ ਸੰਦਰਭ ਵਿਚ ਜਮਾਤ ਪਹਿਲੀ ਤੋਂ ਛੇਵੀਂ ਤੱਕ ਦੇ ਵਿਦਿਆਰਥੀਆਂ ਨੇ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਦੇ ਪ੍ਰੰਪਰਾਗਤ ਪਹਿਰਾਵੇ ਨਾਲ ਪੰਜਾਬੀ ਲੋਕ ਗੀਤ ਅਤੇ ਗਿੱਧੇ-ਭੰਗੜੇ ਆਦਿ ਗਤੀਵਿਧੀਆਂ ਵਿਚ ਭਾਗ ਲੈਂਦੇ ਹੋਏ ਪੰਜਾਬੀ ਵਿਰਸੇ ਨੂੰ ਉਜਾਗਰ ਕੀਤਾ। ਜਿਸ ਵਿੱਚ ਦੂਜੀ ਜਮਾਤ ਦੀ ਪ੍ਰਿਆ ਅਤੇ ਜਮਾਤ ਤੀਸਰੀ ਦੀ ਸ਼ਾਨਵੀ ਨੇ ਰੈਂਪ ਵਾਕ ਵਿੱਚ ਅਤੇ ਜਮਾਤ ਪੰਜਵੀਂ ਦੀ ਅਵਨੀਤ ਕੌਰ ਨੇ ਗਿੱਧੇ ਅਤੇ ਜਮਾਤ ਛੇਵੀਂ ਦੀ ਅਰਸ਼ਨੀਤ ਨੇ ਲੋਕ-ਗੀਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਜਮਾਤ ਸੱਤਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ ਦੀ ਦਿਲ ਖਿੱਚਵੀਂ ਪੇਸ਼ਕਾਰੀ ਦੇ ਨਾਲ ਪੰਜਾਬੀ ਵਿਰਸੇ ਦੀਆਂ ਝਲਕੀਆਂ ਨਾਲ ਸਕੂਲ ਦੇ ਮਾਹੌਲ ਨੂੰ ਪੰਜਾਬੀ ਵਿਰਸੇ ਦੇ ਰੰਗ ਵਿਚ ਰੰਗ ਦਿੱਤਾ। ਜਿਸ ਵਿਚ ਜਮਾਤ ਬਾਰਵੀਂ ਦੀ ਨਵਜੋਤ ਨੂੰ ਪੰਜਾਬੀ ਮੁਟਿਆਰ ਅਤੇ ਜਮਾਤ ਦਸਵੀਂ ਦੇ ਨਿੱਤ ਪ੍ਰੀਤ ਨੂੰ ਪੰਜਾਬੀ ਗੱਭਰੂ ਦੇ ਰੂਪ ਵਿਚ ਚੁਣਿਆ ਗਿਆ। ਵਿਦਿਆਰਥੀਆਂ ਦੁਆਰਾ ਭਾਰਤੀ ਸੰਵਿਧਾਨ ਦੇ ਨਿਰਮਾਤਾ, ਅਰਥਸ਼ਾਸਤਰੀ ਤੇ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਨੂੰ ਸਮੂਹਿਕ ਨਾਟਕ ਦੇ ਮਾਧਿਅਮ ਦੁਆਰਾ ਮਨਮੋਹਕ ਢੰਗ ਨਾਲ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ਸੰਸਾਰ ਪੱਧਰ ਤੇ ਸਚਿਆਈ, ਬ੍ਰਹਮਚਾਰੀ, ਅਹਿੰਸਾ ਤੇ ਪੰਚਸ਼ੀਲ ਸਿਧਾਂਤ ਦੇਣ ਵਾਲੇ ਮਹਾਂਵੀਰ ਸਵਾਮੀ ਜੀ ਦੇ ਨਵਕਾਰ ਮੰਤਰ ਦੇ ਉਚਾਰਨ ਨਾਲ ਵਾਤਾਵਰਣ ਨੂੰ ਮੰਤਰਮੁਗਧ ਤੇ ਪਵਿੱਤਰ ਕਰ ਦਿੱਤਾ ਗਿਆ। ਮੁੱਖ ਅਧਿਆਪਕਾ ਸ੍ਰੀਮਤੀ ਉਪਾਸਨਾ ਮੋਦਗਿਲ ਜੀ ਨੇ ਵਿਦਿਆਰਥੀਆਂ ਨੂੰ ਡਾਕਟਰ ਅੰਬੇਦਕਰ ਜੀ ਅਤੇ ਮਹਾਂਵੀਰ ਸਵਾਮੀ ਜੀ ਦੇ ਦੱਸੇ ਰਾਹ ਉੱਤੇ ਉਨ੍ਹਾਂ ਦੀਆਂ ਸਿੱਖਿਆਵਾਂ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਪ੍ਰੇਰਿਤ ਕਰਦੇ ਹੋਏ ਵਿਸਾਖੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।